ਨੀਂ ਸੁਣ ਪਰੀਆਂ ਦੀਏ ਜਾਈਏ ਨੀਂ...
ਦਿਲ ਨੂੰ ਕਿੱਦਾਂ ਸਮਝਾਈਏ ਨੀਂ...
ਤੈਨੂੰ ਕੋਲ ਬਿਠਾਉਣ ਦੀ ਅੜੀ ਕਰੇ...
ਦੇਖੀ ਜਾਣ ਦੀ ਜਿੱਦ ਬੜੀ ਕਰੇ...
ਤੂੰ ਨਿਰਾ ਇਸ਼ਕ ਮੈਨੂੰ ਜਾਪੇ ਨੀਂ..
ਤੇਰੇ ਉੱਤੋਂ ਸਦਕੇ ਜਾਈਏ ਨੀਂ...
ਗੱਲ ਸੁਣ ਪਰੀਆਂ ਦੀਏ ਜਾਈਏ ਨੀਂ..
ਦਿਲ ਨੂੰ ਕਿੱਦਾਂ ਸਮਝਾਈਏ ਨੀਂ।
ਅੱਖਾਂ ਤੇਰੀਆਂ ਟੂਣੇਹਾਰੀਆਂ..
ਮੁਗਧ ਹੋ ਕੇ ਮੈਂ ਨਿਹਾਰੀਆਂ...
ਹਾਸੇ ਤੇਰੇ ਖਿੜੀਆਂ ਕਲੀਆਂ ਨੇਂ...
ਜ਼ਾਲਿਮ ਨੇਂ ਸੂਰਮੇਂ ਦੀਆਂ ਧਾਰੀਆਂ...
ਕਾਇਨਾਤ ਸਮੇਟੇ ਜ਼ੁਲਫ਼ ਤੇਰੀ...
ਇੰਨਾ ਜ਼ੁਲਮ ਨਾ ਢਾਈਏ ਨੀ..
ਜ਼ਰਾ ਸੁਣ ਪਰੀਆਂ ਦੀਏ ਜਾਈਏ ਨੀਂ..
ਦਿਲ ਨੂੰ ਕਿੱਦਾਂ ਸਮਝਾਈਏ ਨੀਂ।
ਤੇਰੇ ਸੁਰਖ਼ ਜਿਹੇ ਦੰਦਾਸੇ ਨੇਂ,
ਕਾਇਲ ਕਰਤੇ ਮਿੱਠੇ ਹਾਸੇ ਨੇਂ...
ਤੂੰ ਜਾਪੇ ਕੁਦਰਤ ਵਰਗੀ ਨੀ...
ਤੂੰ ਕੱਲੀ ਜੱਗ ਇੱਕ ਪਾਸੇ ਨੀਂ...
ਸਾਨੂੰ ਇੱਕ ਵਾਰੀ ਤਾਂ ਤੱਕ ਲੈ ਨੀਂ..
ਪਲਕਾਂ ਰਾਹਾਂ ਵਿੱਚ ਵਿਛਾਈਏ ਨੀਂ..
ਗੱਲ ਸੁਣ ਪਰੀਆਂ ਦੀਏ ਜਾਈਏ ਨੀ..
ਦਿਲ ਨੂੰ ਕਿੱਦਾਂ ਸਮਝਾਈਏ ਨੀਂ।
ਦਿਲ ਨੂੰ ਕਿੱਦਾਂ ਸਮਝਾਈਏ ਨੀਂ।
ਸਰਵਜੀਤ ਕੌਰ-
ਤਕ ਕੇ ਸੋਹਣਿਆਂ ਸੱਜਣਾਂ ਸਾਡੇ ਵਲ ...
ਬੂਹੇ ਦਿਲ ਵਾਲੇ ਦੱਸ ਕਾਹਤੋਂ ਢੋਂਹਦਾ ਏਂ...
ਦੀਦੇ ਸਾਡੇ ਦੀਦ ਤੇਰੀ ਦੇ ਨੇਂ ਭੁੱਖੇ..
ਮੁੱਖ ਕਾਹਤੋਂ ਪਿਆ ਲੁਕੋਂਦਾ ਏਂ..
ਬੋਲ ਤੇਰੇ ਇਉਂ ਜਾਪਣ ਜਿਓਂ ਫੁੱਲ ਕਿਰਦੇ ਨੇਂ...
ਖ਼ੌਰੇ ਕਿਉੰ ਤੂੰ ਸਾਨੂੰ ਏਨਾ ਭਾਉਂਦਾਂ ਏਂ..
ਆਪਣੇ ਸੰਗਮ ਵਾਲਾ ਸੁਪਨਾ ਨਿੱਤ ਮੈਨੂੰ ਆਵੇ ...
ਗੀਤ ਇਸ਼ਕ ਇਬਾਰਤ ਦੇ ਸੁਣਾਉਂਦਾ ਏਂ...
ਪਰਾਂ ਪਏ ਰਹਿਣ ਦੇ ਹਿਰਖ਼ ਉਲਾਮੇਂ ਤੂੰ..
ਲਾ ਲੈ ਗਲ ਨਾਲ ਕਿਉੰ ਪਿਆ ਤਰਸਾਉਂਦਾ ਏਂ..
'ਸਰਵ' ਲਈ ਜਿਉਣਾ ਤੇਰੇ ਬਾਝ ਸਜ਼ਾ ਵਰਗਾ...
ਹਰ ਸਾਹ ਤੋਂ ਪਹਿਲਾਂ ਚੇਤੇ ਮੈਨੂੰ ਆਉਂਦਾ ਏਂ...
ਤਕ ਕੇ ਸੋਹਣਿਆਂ ਸੱਜਣਾਂ ਸਾਡੇ ਵਲ..
ਬੂਹੇ ਦਿਲ ਵਾਲੇ ਦੱਸ ਕਾਹਤੋਂ ਢੋਹਦਾਂ ਏਂ
ਸਰਵਜੀਤ ਕੌਰ-
ਮੁਹਬੱਤ ਦੇ ਮੀਂਹ ਵਰ੍ਹਦੇ ਚੰਗੇ...
ਤਪਦੇ ਸੀਨੇ ਠਰਦੇ ਚੰਗੇ...
ਬੂਰ ਹੌਂਸਲੇ ਨੂੰ ਹੀ ਪੈਂਦੇ...
ਤਾਹੀਓਂ ਕੋਸ਼ਿਸ਼ ਕਰਦੇ ਚੰਗੇ...
ਨਾਲ ਹਲੀਮੀ ਦਿਲ ਜਿੱਤ ਹੁੰਦੇ...
ਨਫ਼ਰਤ, ਹਉਮੈ ਮਰਦੇ ਚੰਗੇ...
ਕੀਤਾ ਸਦਾ ਹੀ ਮੂਹਰੇ ਆਉਣਾ...
'ਸਰਵ' ਅੰਤ ਤੋਂ ਡਰਦੇ ਚੰਗੇ...
ਵੈਰ,ਈਰਖਾ ਵਾਲੀ ਜਿੱਤ ਤੋਂ...
ਨਾਲ ਨਿਮਰਤਾ ਹਰਦੇ ਚੰਗੇ....
ਮੁਹਬੱਤ ਦੇ ਮੀਂਹ ਵਰ੍ਹਦੇ ਚੰਗੇ...
ਤਪਦੇ ਸੀਨੇ ਠਰਦੇ ਚੰਗੇ।
✍️ਸਰਵਜੀਤ ਕੌਰ-
ਮੈਂ ਸੁਪਨੇ ਸਜਾ ਬੈਠੀ..
ਨਿਗਾਹਾਂ ਤੋਂ ਛੁਪ ਕੇ!
ਤੇਰੀ ਮਹਿਕ ਸਾਹੀਂ ਵਸਾ ਬੈਠੀ ..
ਹਵਾਵਾਂ ਤੋਂ ਛੁਪ ਕੇ!
ਤੂੰ ਮੰਜਿ਼ਲ ਹੈਂ ਮੇਰੀ..
ਮੈਂ ਪਾਉਣਾ ਹੈ ਤੈਨੂੰ..
ਰਾਹਵਾਂ ਤੋਂ ਛੁਪ ਕੇ!
ਤੈਨੂੰ ਸ਼ੀਸ਼ਾ ਬਣਾ ਕੇ..
ਬਹਿਣਾ ਸਨਮੁੱਖ ਤੇਰੇ..
ਮੈਂ ਮਿਲਣਾ ਹੈ ਤੈਨੂੰ ..
ਚੰਦਰੀਆਂ ਬਾਹਵਾਂ ਤੋਂ ਛੁਪ ਕੇ!
ਕੇਹੇ ਫਾਸਲੇ ਨੇ ਰੱਬਾ..
ਕੇਹੀ ਦੂਰੀ ਹੈ ਏਹੇ...
ਪਾਵਾਂ ਸਜਾਵਾਂ ਚ ਤੈਨੂੰ.
ਮੈਂ ਗੁਨਾਹਾਂ ਤੋਂ ਛੁਪ ਕੇ!
ਮੈਂ ਸੁਣਿਆ ਨਈ ਮਿਲਦਾ
ਜੋ ਮੰਗਦੇ ਹਾਂ ਅਸੀਂ
ਪਰ ਮੈਂ ਮੰਗਿਆ ਹੈ ਤੈਨੂੰ
ਦੁਆਵਾਂ ਤੋਂ ਛੁਪ ਕੇ!
ਸਰਵਜੀਤ ਕੌਰ-
ਰੀਝ ਇੱਕੋ ਹੈ ਵੇ ਮੇਰੀ,ਕਿ ਤੂੰ ਦਿਸਦਾ ਹੀ ਰਹੀਂ,
ਮੇਰੀਆਂ ਅੱਖਾਂ ਦੀ ਉਸ ਆਖਰੀ ਝਾਤ ਤਕ।
ਵੇ ਤੂੰ ਬੋਲ ਬੋਲ ਅੱਕੇਂ ਤੇ ਮੈਂ ਸੁਣਦੀ ਨਾ ਥੱਕਾਂ,
ਮੈਂ ਸੁਣਨਾ ਹੈ ਤੈਨੂੰ ਅੰਬਰ ਧਰਤ ਦੀ ਬਾਤ ਤਕ।
ਵਾਟਾਂ ਲੰਮੀਆਂ ਲੰਮੇਰੀਆਂ ਚ ਸਾਥ ਤੇਰਾ ਚਾਹਵਾਂ,
ਬਸ ਤੁਰਦੀ ਹੀ ਜਾਵਾਂ,ਖਿੱਚੀ ਤੇਰੇ ਵਲ ਆਵਾਂ,
ਰਹੀਂ ਨਾਲ ਮੇਰੇ ਖੜ੍ਹਾ ਵੇ ਤੂੰ ਰਹਿੰਦੀ ਕਾਇਨਾਤ ਤੱਕ।
ਰੀਝ ਇੱਕੋ ਹੈ ਵੇ ਮੇਰੀ, ਕਿ ਤੂੰ ਦਿਸਦਾ ਹੀ ਰਹੀਂ,
ਮੇਰੀਆਂ ਅੱਖਾਂ ਦੀ ਉਸ ਆਖਰੀ ਝਾਤ ਤੱਕ।
( ਸਰਵਜੀਤ ਕੌਰ )-
ਪਰਮਾਤਮਾ ਤੋਂ ਸਾਰੇ ਡਰਦੇ ਨੇਂ,
ਪਰ ਓਹਦੇ ਹੋਣ ਤੋਂ ਕੋਈ ਨੀਂ ਡਰਦਾ,
ਇਨਸਾਨ ਸਭ ਕਹਾਉਂਦੇ ਨੇਂ,
ਪਰ ਇਨਸਾਨੀਅਤ ਵਾਲੇ ਕੰਮ ਕੋਈ ਨੀਂ ਕਰਦਾ,
ਨਫ਼ਰਤ ਦੇ ਕੀੜੇ ਕਿਸੇ ਵਿੱਚ ਨਹੀਂ ਕਹਿੰਦੇ,
ਫ਼ਿਰ ਕੌਣ ਹੈ ਜਿਹੜਾ ਦੂਜੇ ਦੀ ਖੁਸ਼ੀ ਦੇਖ ਨੀ ਜਰਦਾ,
ਕਹਿੰਦੇ ਮੈਂ ਹੀ ਹਾਂ ਇਕ ਤੇਰਾ,
ਤੇ ਦੂਜਾ ਤੇਰਾ ਦੁਸ਼ਮਣ ਹੈ,
ਫ਼ੇਰ ਔਖੇ ਵੇਲੇ ਸੱਜਣਾਂ ਫ਼ਿਰ ਕਾਹਤੋਂ ਨਾਲ ਨੀਂ ਖੜਦਾ,
ਦੂਜੇ ਦੇ ਘਰ ਝਾਕਣ ਦਾ ਸਵਾਦ ਅਵੱਲਾ ਏ,
ਆਪਣੀ ਵਾਰੀ ਕਾਹਤੋਂ ਕਰਦਾ ਪਰਦਾ,
'ਸਰਵ' ਸਬਕ ਤਾਂ ਹੁਣ ਤਕ ਇੱਕੋ ਮਿਲਿਆ ਏ,
ਬੰਦਾ ਕੱਲਾ ਆਂਉਦਾ ਤੇ ਕੱਲਾ ਹੀ ਮਰਦਾ,
ਇਹ ਸਭ ਭਰਮ ਭੁਲੇਖੇ ਦਿਲ ਦੇ ਨੇਂ ਸੱਜਣਾਂ,
ਕਿ ਮੈਂ ਤੇਰਾ ਤੇ ਤੂੰ ਮੇਰਾ ਕਰਦਾ!
ਸਰਵਜੀਤ ਕੌਰ-
ਸਾਦਗੀ ਉਸਦੀ
ਸਾਦਗੀ ਉਸਦੀ ਜਿਵੇਂ.....
ਪੱਤਿਆਂ ਤੇ ਤੁਪਕੇ ਤ੍ਰੇਲ ਦੇ,
ਮੇਰੇ ਛੋਹਣ ਤੇ ਸਰਕਦੇ ਵਾਂਗ ਮਖ਼ਮਲ...
ਕੀ ਧਰਤੀ, ਕੀ ਅੰਬਰ..
ਓਹਦੀ ਸਾਦਗੀ ਦੇ ਮੇਲ ਦੇ!
ਓਹਦੇ ਚਿਹਰੇ ਦੀ ਰੌਣਕ..
ਜਿਓਂ ਪੌਣਾਂ ਦੀ ਠੰਡਕ..
ਜਿਓਂ ਭੋਰੇ ਹੋ ਮਦਮਸਤ....
ਫੁੱਲਾਂ ਸੰਗ ਨੇਂ ਖੇਲਦੇ,
ਕੀ ਧਰਤੀ, ਕੀ ਅੰਬਰ..
ਓਹਦੀ ਸਾਦਗੀ ਦੇ ਮੇਲ ਦੇ!
ਓਹ ਮੁਹਬੱਤ ਦਾ ਝਰਨਾ..
ਤੇ ਸੁਹੱਪਣ ਦਾ ਸਮੁੰਦਰ..
ਜਿਓਂ ਚਾਨਣੀ ਦੇ ਚਾਨਣ..
ਵਿੱਚ ਤਾਰੇ ਪਏ ਮੇਹਲਦੇ..
'ਸਰਵ'ਕੀ ਧਰਤੀ, ਕੀ ਅੰਬਰ..
ਓਹਦੀ ਸਾਦਗੀ ਦੇ ਮੇਲ ਦੇ!
ਓਹਦੀ ਸਾਦਗੀ ਦੇ ਮੇਲ ਦੇ!
ਲਿਖਤੁਮ - ਸਰਵਜੀਤ ਕੌਰ
-
ਸੰਤਾਨ
ਨੀ ਬਚਨ ਕੌਰੇ ਤੇਰੇ ਪੁੱਤ ਦੇ ਵਿਆਹ ਨੂੰ ਬਾਹਵਾ ਹੀ ਚਿਰ ਹੋ ਚਲਿਆ ਅਜੇ ਤਕ ਨੂੰਹ ਨੂੰ ਕੋਈ ਬੱਚਾ ਨੀ ਹੋਇਆ।
ਕਿਤੇ ਕੋਈ ਚੰਗਾ ਹੀ ਨੁਕਸ ਲਗਦਾ ।
ਬਚਨ ਕੌਰ ਵੀ ਫ਼ਿਕਰ ਚ ਠੰਡਾ ਹੌਕਾ ਭਰਦੀ ਬੋਲੀ ਪਰਮਾਤਮਾ ਸੁਣ ਲਵੇ ਮੇਰੇ ਪੁੱਤ ਨੂੰ ਵੀ ਸੰਤਾਨ ਦਾ ਸੁੱਖ ਮਿਲ ਜਾਵੇ ਤਾਂ ਮੇਰਾ ਕਾਲਜਾ ਠੰਡਾ ਹੋਜੇ।
ਪਰਮਾਤਮਾ ਨੇ ਵੀ ਨੇੜੇ ਹੋਕੇ ਸੁਣੀ ਨੂੰਹ ਰਾਣੀ ਦੀ ਕੁੱਖ ਹਰੀ ਹੋਈ।
ਆਖਿਰ ਨੂੰ ਓਹ ਦਿਨ ਵੀ ਆਇਆ ਜਿਸ ਦਿਨ ਦਾ ਬਚਨ ਕੌਰ ਨੂੰ ਬੇਸਬਰੀ ਨਾਲ ਇੰਤਜਾਰ ਸੀ।ਕਿਲਕਾਰੀ ਗੂੰਜੀ ਤੇ ਨਿੱਕੀ ਜਿਹੀ ਜਾਨ ਨਰਸ ਨੇ ਗੋਦ ਚ ਦਿੱਤੀ..ਵਧਾਈਆਂ ਹੋਣ ਬੀਜੀ ਦਾਦੀ ਬਣ ਗਏ ਧੀ ਰਾਣੀ ਆਈ ਹੈ।
ਬਚਨ ਕੌਰ ਖ਼ੁਸ਼ ਸੀ ਪਰ ਕਿਤੇ ਨਾ ਕਿਤੇ ਦਿਲ ਚ ਕਹਿ ਰਹੀ ਸੀ ਕਿ ਇੰਨੇ ਚਿਰ ਬਾਅਦ ਸੁਣੀ ਪਰਮਾਤਮਾ ਤਾਂ ਪੁੱਤਰ ਦੇ ਦਿੰਦਾ ਤੇਰਾ ਕੀ ਜਾਂਦਾ ਸੀ।
ਪਰਮਾਤਮਾ ਸੋਚਦਾ ਹੈ ਕਿ ਗੱਲ ਤਾਂ ਸਾਰੀ ਸੰਤਾਨ ਸੁੱਖ ਦੀ ਸੀ।
ਸਰਵਜੀਤ ਕੌਰ-
ਕਦੇ ਕਦੇ ਚੰਗਾ ਲੱਗਦਾ ਹੈ..
ਅਤੀਤ ਦੇ ਪੰਨੇ ਫਰੋਲਣਾ..
ਬੀਤੇ ਹੋਏ ਵਕਤ ਚੋਂ ਅੱਜ ਦੀ ਤਸਵੀਰ ਨੂੰ ਲੱਭਣਾ!
ਚੰਗਾ ਲੱਗਦਾ ਹੈ ਕਦੇ ਕਦੇ..
ਤਾਰਿਆਂ ਤੋਂ ਮੁੱਠੀ ਭਰ ਚਾਨਣ ਲੈ..
ਦਿਲ ਦੇ ਵਿਹੜੇ ਚ ਖਲਾਰ ਦੇਣਾ..
ਇਹ ਚਾਨਣ ਕਦੇ ਮੱਠਾ ਨਾ ਹੋਵੇ ..
ਇਹ ਦੁਆ ਮੰਗਣੀ!
ਹਾਂ ਚੰਗਾ ਲੱਗਦਾ ਹੈ ਕਦੇ ਕਦੇ..
ਸੂਰਜ ਦੇ ਤੇਜ਼ ਸੇਕ ਕੋਲੋਂ ਆਸ ਕਰਨੀ..
ਕੀ.. ਕੋਈ ਫੁੱਲ ਨਾ ਮੁਰਝਾਵੇ..
ਕੋਈ ਰੀਝ ਨਾ ਕੁਮਲਾਵੇ..
ਮਨਾਂ ਦੇ ਸੇਕ ਮੱਠੇ ਪੈ ਜਾਣ..
ਅਪਣੱਤ ਦੀ ਲੋਅ ਫੈਲ ਜਾਵੇ!
ਹਾਂ ਚੰਗਾ ਲੱਗਦਾ ਹੈ ਕਦੇ ਕਦੇ..
ਕਿਸੇ ਪਰਾਏ ਨੂੰ ਅਪਣਾ ਬਣਉਣਾ..
ਤੇ ਉਮੀਦ ਕਰਨੀ ਕਿ..
ਅਪਣਿਆ ਤੋਂ ਵੀ ਕਿਤੇ ਵਧਕੇ ਆਪਣਾ ਬਣੇ..
ਜਿਸ ਨਾਲ ਪਲ ਗੁਜਾਰੇ ਨਈ ਜੀਏ ਜਾਂਣ!
ਹਾਂ ਬਹੁਤ ਚੰਗਾ ਲੱਗਦਾ ਹੈ ਕਦੇ ਕਦੇ..
ਰਿਸ਼ਤਿਆਂ ਚੋਂ ਹਾਸੇ ਲੱਭਣਾ..
ਤੇ ਤਾਂਗ ਰੱਖਣੀ ਕੇ ਹਾਸੇ ਸਾਂਭ ਲਏ ਜਾਣ..
ਆਪਣੇ ਹੀ ਅੰਦਰ ਕਿਤੇ ਸਹੇਜ ਲਏ ਜਾਣ..
ਤਾਂ ਜੋ ਮੁੜਕੇ ਲੱਭਣੇ ਨਾ ਪੈਣ
ਸੱਚੀਂ! ਚੰਗਾ ਲੱਗਦਾ ਹੈ ਕਦੇ ਕਦੇ..
'ਸਰਵ' ਖੁਦ ਨਾਲ ਹੀ ਬੋਲਣਾ...
ਆਪਣੀਆਂ ਹੀ ਉਲਝਣਾਂ ਦੀਆਂ...
ਤੰਦਾਂ ਨੂੰ ਖੋਲਣਾ...
ਤੇ ਆਸ ਕਰਨੀ ਕਿ...
ਇਹ ਸੁਲਝੀਆਂ ਹੀ ਰਹਿਣ ਸਦਾ!
ਬਹੁਤ ਚੰਗਾ ਲੱਗਦਾ ਹੈ!
ਕਦੇ ਕਦੇ................ ..ਸਰਵਜੀਤ ਕੌਰ❤️-
(ਤਸਵੀਰ)
ਤਸਵੀਰ ਸਮੇਟ ਕੇ ਰੱਖਦੀ ਹੈ ਓਹ ਪਲ..
ਜਿਹੜੇ ਅਸੀਂ ਮੁੜ ਨਈ ਜਿਓਣੇਂ!
ਕਿੰਨਾ ਕੁਝ ਖੁੰਝਿਆ ਹੋਇਆ....
ਕਿੰਨਾ ਕੁਝ ਪਾਇਆ ਹੋਇਆ....
ਹਮੇਸ਼ਾ ਜਿਉਂਦਾ ਰਹਿੰਦਾ ਹੈ ਤਸਵੀਰਾਂ ਵਿੱਚ!ਸੱਚੀ...
ਰੂਹ ਨੂੰ ਅੰਦਰ ਤੱਕ ਝੰਜੋੜਨ ਦਾ ਜੇਰਾ ਰੱਖਦੀਆਂ ਇਹ ਤਸਵੀਰਾਂ...
ਤੇ ਬੇਚੈਨ ਮਨ ਨੂੰ ਚੈਨ ਵੀ ਤਾਂ ਦੇ ਦਿੰਦੀਆਂ ਨੇਂ....ਹਨਾਂ
ਨਜ਼ਦੀਕੀ ਦਿਖਾਉਂਦੀਆਂ ਨੇਂ ਕਈ ਰਿਸ਼ਤਿਆਂ ਦੀ...
ਜਿਹੜੇ ਅਸਲ ਚ ਦੂਰ ਹੋ ਗਏ ਹੁੰਦੇ ਨੇਂ .....
ਅੱਖਾਂ ਵਿੱਚ ਥੰਮ ਚੁੱਕੇ ਦਰਿਆ..
ਠੰਡੇ ਹੌਂਕੇ ਬਣਾ ਦਿੰਦੀਆਂ ਨੇ..
ਅਤੀਤ ਦੀਆਂ ਯਾਦਾਂ ਦੇ ਝੁਰਮਟ ਖਲਾਰ...
ਕਈ ਸੰਦਲੀ ਸੁਨੇਹੇ ਦਿੰਦੀਆਂ ਨੇਂ ਤਸਵੀਰਾਂ...
ਤਸਵੀਰਾਂ ਅਹਿਸਾਸ ਕਰਵਾਉਂਦੀਆਂ ਨੇਂ...
ਮੁਹੱਬਤ ਨਾਲ ਜਿਉਣਾ ਸਿੱਖੋ...
ਵਕ਼ਤ ਦੇ ਹਾਣੀ ਬਣੋ....
ਅੱਜ ਨੂੰ ਜੀਉ...
ਨਾ ਬੀਤਿਆ ਮੁੜਨਾ..
ਨਾ ਆਉਣ ਵਾਲਾ ਜਲਦ ਆਉਣਾ!
ਸਰਵਜੀਤ ਕੌਰ-