ਰਤਨ ਰਿਜ਼ਕ ਤੋਂ ਆਗਲ ਨਈਓਂ,
ਐਵੇਂ ਨਾ ਉੱਡ ਹਵਾਵੀਂ,
ਮਾਇਆ ਮੋਹ ਨੂੰ ਭੁੱਲ ਜਾ ਬੰਦਿਆ,
ਪਰਤਾਂ ਨਾ ਪਰਤਾਵੀਂ,-
ਮਾਇਆਵੀ ਖਿੱਚ ਇਨਸਾਨ ਨੂੰ ਬਣਾ ਚੱਲੀ ਹੈਵਾਨ ,
ਪੈਸਾ ,ਪਰਖ਼ , ਬਰਾਬਰੀ ,ਲਈ ਟੁੱਟ ਰਿਹੈ ਇਨਸਾਨ ,-
ਕੀਲਣ ਤੁਰਿਆ ਕਸ਼ਟ ਨੂੰ ਕਠਨ ਅਵਸਥਾ ਘਾਲ ,
ਦ੍ਰਿੜਤਾ ਉੱਡ ਗਈ ਰੂਹ ਚੋਂ ਵਿਸ਼ਵਾਸ਼ ਰਿਹਾ ਹਾਂ ਭਾਲ ,-
ਭੁਰ ਜਾਂਦੇ ਨੇ ਮੈਂ ਮੇਰੀ ਵਿੱਚ ,ਰਿਸ਼ਤੇ ਚਾਵਾਂ ਦੇ ਨਾਲ ਪਾਲੇ ,
ਲੋਕ ਕੁਤਾਹੀ ਕਰ ਜਾਂਦੇ ,ਬੇਰੁਖੀਆਂ ਕੁਛ ਜੀਭਾਂ ਵਾਲੇ ,
ਭਰ ਜਾਂਦੇ ਨੇ ਅੱਖੀਂ ਹੰਝੂ ,ਪਾਗਲ ਬੇ ਇਤਬਾਰਾਂ ਬੰਦੇ ,
ਟੁੱਟ ਜਾਂਦੇ ਨੇ ਕੱਚੇ ਧਾਗੇ ,ਪੈ ਜਾਣ ਜਿਸਦੇ ਕੰਨੀਂ ਵਾਲ਼ੇ ,-
ਤੜਫਦੇ ਅਹਿਸਾਸ ਨੂੰ ਅਸੀਂ ਤੜਫ਼ ਬਣਾ ਕੇ ਪੂਜਿਆ ,
ਕਰਤਾਰ ਤੇਰੇ ਖੇਤ ਦੀ ਮਿੱਟੀ ਮਸਤਕ ਛੁਹਾ ਗਏ ,
ਲਫ਼ਜ਼ ਜਾਂਦੇ ਕੀਲ ਭਾਵੇਂ ਦਰਦ ਹੈ ਵੱਖ ਹੋਣ ਦਾ ,
ਕੀ ਸੀ ਤੇਰਾ ਫ਼ਲਸਫ਼ਾ , ਅਸੀਂ ਜ਼ਿਹਨ ਚੋਂ ਖੁਹਾ ਗਏ-
ਕਦੋਂ ਲਕੀਰਾਂ ਉਸਦੀ ਲੀਕ ਸਮਾਉਂਦੀਆਂ ਨੇ ,
ਪਤਾ ਨਹੀਂ ਇਹ ਸੱਧਰਾਂ ਕਿਉਂ ਮੁਸਕਾਉਂਦੀਆਂ ਨੇ ,
ਮੁਹੱਬਤ ਹਵਾ ਵਹਾਅ ਕੇ ਲੈ ਗਈ ਵਹਿਣ ਵੱਲ ,
ਹਰਫ਼ਾਂ ਵਿਚੋਂ ਅੱਜ ਵੀ ਬੋਆਂ ਆਉਂਦੀਆਂ ਨੇ ,-
ਸੋਹਣੇ ਸ਼ਬਦ ਸੁਨੇਹੇਂ ਘੜਕੇ ਘੱਲਿਆ ਕਰ ,
ਐਵੇਂ ਨਾ ਨਫ਼ਰਤ ਦੇ ਵਿਹੜੇ ਮੱਲਿਆ ਕਰ ,
ਲਿਖ ਕੋਈ ਨਜ਼ਮਾਂ ਸੰਜਮੁ ਰੰਗ ਬਿਖੇਰਦੀਆਂ ,
ਕੂੜ ਕ੍ਰੋਧ ਨੂੰ ਧੁਰ ਅੰਦਰ ਤੋਂ ਦਲਿਆ ਕਰ ,-
ਸ਼ਬਦਾਂ ਵਿੱਚ ਬਰਾਬਰੀ ਰਹਿਣੀ ਵੀਰੋ ਤਾਂ ,
ਜੇ ਨਾ ਅਸੀਂ ਵਿਸਾਰੀਏ ਆਪਣੀ ਬੋਲੀ ਮਾਂ-
ਅੱਜ ਦੇ ਯੁੱਗ ਵਿੱਚ ਜੁੜਦੇ ਥੁੜਦੇ ,ਰਿਸ਼ਤੇ ਬਣ ਗਏ ਖ਼ਾਰਾਂ ,
ਬੇਸ਼ੱਕ ਸਾਡੇ ਕੋਲ ਬਥੇਰਾ , ਮਾਇਆ ਕੋਠੀਆਂ ਕਾਰਾਂ ,
ਪਰ ਸਾਹ ਤੋੜ ਲਏ ਨੇ ਰਾਜ ਨੇ ,ਨਾਪਰਖੇ ਪਿਆਰਾਂ ,
ਏਸ ਮੀਡੀਆ ਦੇ ਯੁੱਗ ਅੰਦਰ ਪਈਆਂ ਗੂੰਗੀਆਂ ਮਾਰਾਂ ,-
ਜੀ ਆਇਆਂ ਤਾਂ ਮੈਨੂੰ ਅੱਜਕਲ੍ਹ ਭਾਵੇਂ ਕੋਈ ਨਾ ਆਖੇ ,
ਘੁਸਰ ਮੁਸਰ ਹੋ ਜਾਨਾਂ ਆਪੇ ,ਛੱਡ ਕੇ ਸੌ ਸਿਆਪੇ ,
ਰੱਬ ਦੀ ਠੰਡਕ ਤਪਸ਼ ਬਰਾਬਰ ਘੁੰਮ ਜਾਂਦੀ ਏ ਸਿਰ ਤੇ
ਜਦ ਆਪਣੇ ਵੀ ਖੁਸ਼ ਰਹਿੰਦੇ ਨੇ ,ਸਾਥੋਂ ਬਿੰਨ ਇਕਲਾਪੇ-