ਉਹਨਾਂ ਨਾਲ ਜਦ ਯਾਰੀ ਹੋ ਗਈ
ਫਿਰ ਉਹ ਆਪ ਮੁਹਾਰੀ ਹੋ ਗਈ
ਯਾਰ ਨੂੰ ਪਿੱਠ ਤੇ ਮਾੜਾ ਕਹਿਣਾ
ਇਹ ਤੇ ਫੇਰ ਗਦਾਰੀ ਹੋ ਗਈ
ਯਾਦਾਂ ਦੀ ਪੰਡ ਲਾਹ ਸੁੱਟੀ ਸੂ
ਬਹੁਤੀ ਹੀ ਸੀ ਭਾਰੀ ਹੋ ਗਈ
ਕਹਿਣ ਨਰਿੰਦਰ ਚੰਗਾ ਬੰਦਾ..
ਆਹ ਤੇ ਗੱਲ ਨਿਆਰੀ ਹੋ ਗਈ ।-
ਸ. ਨਰਿੰਦਰ ਸਿੰਘ ਮੰਡੇਰ
ਰੱਬ ਸੁੱਖ ਹੀ ਰੱਖੇ
ਬਾਹਰੋਂ ਖੁਸ਼ ਮਿਜਾਜ਼ ਹੋਣਗੇ
ਦਿਲ ਵਿੱਚ ਲੱਖਾਂ ਰਾਜ ਹੋਣਗੇ
ਜਿੰਨੇ ਸੋਹਣੇ ਹੋਣੇ ਸੱਜਣ
ਓਨੇਂ ਈ ਬੇ ਲਿਹਾਜ਼ ਹੋਣਗੇ
ਸਾਡੀ ਵਾਰੀ ਆ ਜਾਣਦੇ
ਵੇਖੀ ਕੀ ਅੰਦਾਜ਼ ਹੋਣਗੇ
ਕਿਰਤੀ ਕਾਮੇ ਜਾਗ ਗਏ ਜਦ
ਪੈਰੀਂ ਰੁਲਦੇ ਤਾਜ ਹੋਣਗੇ-
ਉਸਨੂੰ ਮਿਲਣ ਦੀ ਖਾਤਰ ਕਿੰਨੇ ਜਾਂਦੇ ਨੇ
ਵਾਪਸ ਨਹੀਓਂ ਆਉਂਦੇ ਜਿੰਨੇ ਜਾਂਦੇ ਨੇ
ਜਿਸ ਰਾਤ ਮਹਿਬੂਬ ਨੂੰ ਮਿਲਣੇ ਨਾ ਜਾਵਾਂ
ਚੰਨ,ਚਾਨਣੀ,ਤਾਰੇ ਤਿੰਨੇ ਜਾਂਦੇ ਨੇ
ਉਸਦੇ ਘਰ ਚੋਂ ਕੈਸੀ ਖੁਸ਼ਬੋ ਉੱਠੀ ਏ
ਲਗਦਾ ਦਿਲ ਦੇ ਟੁਕੜੇ ਰਿੰਨੇਂ ਜਾਂਦੇ ਨੇ
ਅੱਜ ਕੋਈ ਅਹਿਬਾਬ ਪੁਰਾਣਾ ਮਿਲਿਆ ਏ
ਜੋ ਹਾਸੇ ਕਿਰਦੇ ਮਿੰਨੇ-ਮਿੰਨੇ ਜਾਂਦੇ ਨੇ
ਇਥੇ ਰੰਨਾਂ ਪਿੱਛੇ ਪੱਟ ਵੀ ਚੀਰੇ ਜਾਂਦੇ ਨੇ
ਤੇ ਰੰਨਾਂ ਪਿੱਛੇ ਕੰਨ ਵੀ ਵਿੰਨੇ ਜਾਂਦੇ ਨੇ
ਉਸਦੀ ਅੱਖ ਨੂੰ ਡਾਢੀ ਪਰਖ ਏ ਆਸ਼ਕ ਦੀ
ਇਹ ਤੀਰ ਨਰਿੰਦਰਾ ਆਪੇ ਸਿੰਨੇ ਜਾਂਦੇ ਨੇ-
ਦਿਨ ਜਾਪਣ ਸ਼ਮਸ਼ਾਨਾਂ ਵਰਗੇ
ਰਾਤਾਂ ਲਗਦੀਆਂ ਥੇਹਾਂ ਨੀ
ਤੂੰ ਵੀ ਬੱਦਲਾਂ ਦੀ ਛਾਂ ਵਰਗਾ
ਕਦੇ ਕੋਈ ਤਾਂ ਭੇਜ ਸੁਨੇਹਾ ਨੀ
ਪਹਿਲਾਂ ਲੱਗਿਆ ਇਸ਼ਕ ਚੰਗਾ
ਪਰ ਹੌਲੀ ਹੌਲੀ ਖਾ ਗਿਆ ਦਿਲ
ਜਿਦਾਂ ਤਕੜੀ ਧਰਤੀ ਨੂੰ ਖਾ
ਗਈਆ ਵਲੈਤੀ ਰੇਹਾਂ ਨੀ
ਲਗਦਾ ਸੀ ਕਿ ਸਰ ਜਾਣਾ ਏ
ਪਰ ਹੁਣ ਲਗਦਾ ਮਰ ਜਾਣਾ ਏ
ਪਾਣੀ ਕੋਲੋਂ ਕਿੱਥੇ ਬੁਝਦੀਆਂ
ਦੀਦ ਤੇਰੀ ਦੀਆਂ ਤੇਹਾਂ ਨੀ।-
ਜਿਹੜੇ ਵਕਤਾਂ ਹੱਥੋਂ ਖੁੰਝੇ
ਆਖਰ ਨੂੰ ਡਿੱਗ ਪੈਣੇ ਭੁੰਜੇ
ਸਾਡੇ ਦਿਲ ਵਿਚ ਵੜ ਕੇ ਓਨਾਂ
ਅੰਦਰੋਂ ਮਾਰ ਲਏ ਨੇ ਕੁੰਡੇ
ਐਸੀ ਗੱਲ ਸੁਣਾ ਮਿੱਤਰਾ
ਜਿਹੜੀ ਸਾਡੇ ਦਿਲ ਨੂੰ ਟੁੰਬੇ
ਹੀਰਾਂ ਵਿਆਵਣ ਚਲ ਪਏ ਨੇ
ਅੱਖੋਂ ਕਾਣੇ ਤੇ ਹਥੋਂ ਟੁੰਡੇ
ਵਾਂ ਚੱਲੀ ਤੇ ਖਿਲਰ ਗਏ ਨੇ
ਜੋ ਜੋ ਸੀ ਮੈਂ ਸੁਪਨੇ ਗੁੰਦੇ
ਓਹ ਵੀ ਚੇਤੇ ਤਾਂ ਹੀ ਕਰਦੀ
ਜੇ ਅਸੀ ਆਪ ਨਰਿੰਦਰਾ ਚੰਗੇ ਹੁੰਦੇ
-
ਦਿਲ ਚੋਂ ਕੱਢ ਕੇ ਸੁੱਟਣ ਵਾਲੇ
ਲਾਉਣ ਨਾ ਜਾਨਣ ਪੁੱਟਣ ਵਾਲੇ
ਦਿਲ ਤੇ ਸ਼ੀਸ਼ਾ ਸਾਂਭ ਕੇ ਰੱਖੋ
ਇਹ ਦੋਵੇਂ ਛੇਤੀ ਟੁੱਟਣ ਵਾਲੇ
ਅਲਵਿਦਾ ਵੀ ਆਖ ਨਾ ਹੋਇਆ
ਸੀ ਹੱਥ ਹੱਥਾਂ ਚੋਂ ਛੁੱਟਣ ਵਾਲੇ
ਆਪਾਂ ਮਿੱਤਰਾ ਓਹੀ ਰਹਿ ਗਏ
ਛਿੱਤਰਾ ਨਾਲ ਘੁੱਗੀਆਂ ਕੁੱਟਣ ਵਾਲੇ-