ਨੀਂਦ ਖੋਹਣ ਲਈ ਆਉਂਦੀਆਂ ਯਾਦਾਂ ਦੀ
ਰੋਜ਼ ਟੁੱਟਦੇ ਜੁੜਦੇ ਖੁਆਬਾਂ ਦੀ
ਕੁਝ ਰੂਹਾਂ ਦੇ ਮੇਲ ਦੀ
ਕੁਝ ਵਿਛੜਨ ਦੇ ਖੇਲ ਦੀ
ਕੁਝ ਤਾਰਿਆਂ ਨਾ' ਬਾਤਾਂ ਦੀ
ਕੁਝ ਚੰਨ ਨਾਲ ਮੁਲਾਕਾਤਾਂ ਦੀ
ਕੁਝ ਉਮੀਦਾਂ ਦੇ ਜੋਰ ਦੀ
ਕੁਝ ਨਾਂ ਉਮੀਦੀ ਦੇ ਸ਼ੋਰ ਦੀ
ਕੁਝ ਦਰਦਾਂ ਨੂੰ ਲੁਕਾਉਣ ਦੀ
ਕੁਝ ਤਾਰਿਆਂ ਨੂੰ ਦਰਦ ਸੁਣਾਉਣ ਦੀ
ਕੁਝ ਲੰਘੇ ਪਾਣੀਆਂ ਦੀ
ਕੁਝ ਵਿਛੜੇ ਹਾਣੀਆਂ ਦੀ
ਕੁਝ ਆਪਣਿਆਂ ਦੇ ਤੁਰ ਜਾਣ ਦੀ
ਕੁਝ ਫੁੱਲਾਂ ਦੇ ਮੁਰਝਾਓਣ ਦੀ
ਬੱਸ ਐਨੀ ਕੁ ਹੈ
ਮੇਰੀ ਰਾਤ ਦੀ ਦਾਸਤਾਨ-
ਯਾਦਾਂ ਦੇ ਪੰਨਿਆਂ ਤੋ ਮਿਟਦੇ ਨਹੀਂ
ਨਹੀਂ ਚਾਹੀਦਾ
ਕੋਈ ਵਿਸ਼ੇਸ
ਕੋਈ ਮਹਾਨ ਅਹੁਦਾ
ਮੈਂ ਨਹੀਂ ਚਾਹੁੰਦੀ
ਕਿ ਮੇਰੇ ਲਈ
ਸ਼ਬਦਕੋਸ਼ ਦਾ
ਜ਼ਹੀਨ ਤੋਂ ਜ਼ਹੀਨ
ਸ਼ਬਦ ਸੋਚਿਆ ਜਾਵੇ
ਨਹੀਂ ਚਾਹੀਦਾ
ਆਪਣੇ ਲਈ
ਕੋਈ ਦੇਵੀ ਦਾ ਦਰਜਾ
ਮੈਨੂੰ ਤਾਂ ਬਸ
ਐਨਾ ਕੁ ਚਾਹੀਦਾ ਏ!
ਕਿ ਮੈਂ
ਬੇਖੌਫ ਹੋ ਕੇ
ਹਨੇਰੀਆਂ ਗਲੀਆਂ ਵਿਚੋਂ
ਗੁਜ਼ਰ ਸਕਾਂ
ਮੇਰੇ ਜਿਸਮ ਦੇ
ਧੁਰ ਅੰਦਰ ਤੱਕ ਜਾਂਦੀਆਂ
ਮੇਰੀ ਆਤਮਾ ਨੂੰ ਵੀ
ਛਲਣੀ ਕਰਦੀਆਂ
ਨਜ਼ਰਾਂ ਨੂੰ ਨੋਚ ਸਕਾਂ
ਮੈਨੂੰ ਤਾਂ ਚਾਹੀਦੀ ਏ
ਮੇਰੇ ਹਿੱਸੇ ਦੀ ਜ਼ਮੀਨ
ਮੇਰੇ ਹਿੱਸੇ ਦਾ ਆਸਮਾਨ
ਅੱਖਾਂ ਵਿੱਚ
ਸੁਪਨੇ ਭਰਣ ਦਾ ਹੱਕ
ਸਾਹ ਲੈਣ ਦਾ ਹੱਕ
ਮਹਾਨ ਹੋਣ ਦਾ ਨਹੀਂ
ਬਸ ਇਨਸਾਨ ਹੋਣ ਦਾ ਹੱਕ!!-
ਖੁਦ ਨੂੰ ਹੀ
ਤੈਅ ਕਰਨੀ ਹੋਵੇਗੀ
ਆਪਣੇ ਰਾਹ ਦੀ ਦਿਸ਼ਾ
ਜਿੱਥੇ ਭਟਕਣ ਦੀ
ਕੋਈ ਗੁੰਜਾਇਸ਼ ਨਹੀਂ
ਇੱਕ ਵਿਸ਼ਾਲ ਰਾਹ
ਜਿੱਥੇ ਚੱਲਣਾ ਹੋਵੇਗਾ
ਬਿਨਾਂ ਅੱਕੇ
ਬਿਨਾ ਥੱਕੇ
ਤੈਅ ਕਰਨਾ ਹੋਵੇਗਾ
ਮਿੱਥੇ ਟੀਚਿਆਂ ਦਾ ਸਫ਼ਰ
ਤੁਰਨਾ ਹੋਵੇਗਾ
ਸਾਥੀਆਂ ਦੇ ਨਾਲ
ਜੋ ਪਾਲ ਰਹੇ ਨੇ
ਸੁਨਹਿਰੀ ਯੁਗ ਦਾ ਸੁਪਨਾ
ਆਪਣੇ ਲਈ
ਆਪਣੇ ਬੱਚਿਆਂ ਲਈ
ਜਾਂ ਫੇਰ
ਓਹਨਾ ਦੇ ਬੱਚਿਆਂ ਲਈ
ਪਰ ਤੁਰਨਾ ਤਾਂ ਹੋਵੇਗਾ
ਸੁਨਹਿਰੇ ਯੁਗ ਦੀ
ਨਵੀਂ ਕਿਰਨ
ਨਵੀਂ ਸਵੇਰ ਲਈ!!-
ਉਡੀਕ ਕਰਨੀ ਤੇ ਬਸ
ਉਡੀਕਦੇ ਹੀ ਰਹਿ ਜਾਣਾ
ਅੱਖਾਂ ਚ ਸਮੁੰਦਰ ਭਰ ਕੇ
ਸਭ ਸਹਿ ਜਾਣਾ
ਭਾਰੀ ਤੂਫ਼ਾਨਾਂ ਚ ਵੀ
ਖਿੜਕੀ ਨੂੰ ਖੁੱਲ੍ਹਾ ਰੱਖਣਾ
ਡਿਗਦੀ ਬਰਫ ਚ ਵੀ
ਉਡੀਕ ਚ ਬਹਿ ਜਾਣਾ
ਉਡੀਕ ਕਰਨੀ ਤੇ ਬਸ
ਉਡੀਕਦੇ ਹੀ ਰਹਿ ਜਾਣਾ
-
ਕਈ ਗੱਲਾਂ ਦੇ ਜਵਾਬ ਲੱਭਣੇ, ਕਈ ਸਵਾਲ ਬਾਕੀ ਨੇ
ਜ਼ਿੰਦਗੀ ਦੇ ਨਾਲ ਕਰਨੇ ਹਜੇ, ਖਾਸੇ ਹਿਸਾਬ ਬਾਕੀ ਨੇ
ਨਾਉਮੀਦੀ, ਕਦੇ ਹੌਸਲਾ, ਕਦੇ ਸਾਹਮਣਾ ਸ਼ਿਕਸਤ ਦਾ
ਮਿਲਣੇ ਜੋ ਜਿਉਣ ਲਈ, ਕਿੰਨੇ ਖ਼ਿਤਾਬ ਬਾਕੀ ਨੇ
ਕੁਝ ਕੁਝ ਭੁਰਦਾ, ਕੁਝ ਟੁੱਟਦਾ ਜਾਂਦਾ ਏ ਨਿੱਤ ਮੇਰੇ ਅੰਦਰ
ਪਰ ਬੈਠ ਜਾਵਾਂ ਕਿਵੇਂ ਹਾਰ ਕੇ, ਖੁਸੀਆਂ ਨਾ' ਆਦਾਬ ਬਾਕੀ ਨੇ
ਔਕੜਾਂ ਦਰਪੇਸ਼ ਨੇ, ਜੱਦੋ ਜਹਿਦ ਹੈ ਕਾਲੀ ਰਾਤ ਨਾਲ
ਸਾਡੇ ਹਿੱਸੇ ਦਾ ਪਹੁ ਫੁਟਾਲਾ, ਸਾਡੇ ਆਫ਼ਤਾਬ ਬਾਕੀ ਨੇ
ਆ ਬੈਠ ਜ਼ਿੰਦਗੀ! ਪਲ ਦੋ ਪਲ ਆਪਣੇ ਹੀ ਕੋਲ ਆਕੇ
ਘੁੱਟ ਕੇ ਫ਼ੜ ਲਈਏ ਪੱਲਾ, ਜੋ ਪਲ ਨਾਯਾਬ ਬਾਕੀ ਨੇ
-
ਤੇਰਾ ਤੇ ਮੇਰਾ ਰਿਸ਼ਤਾ
ਤੇਰੇ ਬਾਕੀ ਰਿਸ਼ਤਿਆਂ ਤੋਂ ਵੱਧ ਪੁਰਾਣਾ
ਵੱਧ ਗਹਿਰਾ ਏ
ਤੈਨੂੰ ਮੈਂ
ਬਾਕੀਆਂ ਨਾਲੋਂ ਨੌ ਮਹੀਨੇ
ਪਹਿਲਾਂ ਦੀ ਜਾਣਦੀ ਹਾਂ
ਆਪਣੇ ਅੰਦਰ ਮਹਿਸੂਸ ਕੀਤਾ ਏ
ਤੇਰੀ ਧੜਕਣ ਨੂੰ
ਤੇਰੀ ਲਈ ਹਰ ਕਰਵਟ
ਮੈਨੂੰ ਤੇਰੇ ਨਾਲ ਹੋਰ ਜੋੜ ਦਿੰਦੀ
ਮੇਰੇ ਅੰਦਰ ਤੇਰੀ ਹਿਲਜੁਲ
ਇੱਕ ਬਿਆਨ ਤੋਂ ਪਰੇ
ਅਹਿਸਾਸ ਨਾਲ ਭਰ ਦਿੰਦੀ
ਤੈਨੂੰ ਪਹਿਲੀ ਵਾਰ
ਸੀਨੇ ਨਾਲ ਲਾਇਆ
ਤਾਂ ਸਾਰੀ ਜੰਮਣ ਪੀੜਾ ਭੁੱਲ ਗਈ
ਤੂੰ ਰੋਇਆ ਤਾਂ ਲੱਗਾ
ਜਿਵੇਂ ਮੈਨੂੰ ਹੀ ਲੱਭ ਰਿਹਾ ਏ
ਮੇਰੇ ਕਲਾਵੇ ਚ ਆ ਕੇ
ਮਹਿਫ਼ੂਜ਼ ਕਰਨਾ ਚਾਹੁੰਦਾ ਏ
ਆਪਣੇ ਆਪ ਨੂੰ
ਤੇਰੇ ਨਿੱਕੇ ਨਿੱਕੇ ਹੱਥਾਂ ਦੀ ਛੋਹ
ਅਥਾਹ ਮੋਹ ਭਰ ਗਈ
ਮਨ ’ਚ ਇੱਕੋ ਖਿਆਲ ਆਇਆ
ਸੱਚੀ ਐਨਾ ਖੂਬਸਰਤ ਹੁੰਦਾ ਏ
ਮਾਂ ਹੋਣਾ!!-
ਰੋਸ਼ਨੀਆ ਦਾ ਤਿਓਹਾਰ ਮੁਬਾਰਕ
ਜੋ ਆਪਣੇ ਰਾਹ ਆਪ ਰੁਸ਼ਨਾਓੰਦੇ ਨੇ
ਜੋ ਕੁੱਲ ਲੋਕਾਈ ਲਈ ਦੀਵਾ ਬਣਨਾ ਚਾਹੁੰਦੇ ਨੇ
ਜੋ ਹਨੇਰਿਆਂ ਨਾਲ ਲੜਨ ਦਾ ਹੌਸਲਾ ਰੱਖਦੇ ਨੇ
ਜੋ ਕਿਸੇ ਬੇਆਸ ਦੀ ਆਸ ਬਣਨ ਦੇ ਪੱਖ ਦੇ ਨੇ
ਜੋ ਇਸ ਨਿਰਾਸ਼ਾ ਦੇ ਆਲਮ ਚ ਵੀ ਜਿਓੰਦੇ ਨੇਂ
ਓਹੀ ਇੱਕ ਨਵੀਂ ਸਵੇਰ ਦੀ ਆਸ ਲਿਆਉਂਦੇ ਨੇ
ਜ਼ਿੰਦਗੀ ਦੀਆਂ ਉੱਚੀਆਂ ਨੀਵੀਆਂ ਰਾਹਾਂ ਤੇ ਅਡੋਲ ਖੜੇ
ਆਪਣੇ ਹਿੱਸੇ ਦੀ ਰੋਸ਼ਨੀ ਲਈ ਹਰ ਹਾਲ ਲੜੇ
ਤੰਗੀਆਂ ਤੁਰਸ਼ੀਆਂ ਨੂੰ ਵੀ ਜਿਨ੍ਹਾਂ ਨੇ ਮਾਤ ਪਾਈ ਹੈ
ਸਹੀ ਮਾਇਨੇ ਚ ਜਿਨ੍ਹਾਂ ਜ਼ਿੰਦਗੀ ਜ਼ਿੰਦਾਬਾਦ ਬਣਾਈ ਏ
ਵਿਚਾਰਾਂ ਦਾ ਦੀਵਾ ਜਿਨ੍ਹਾਂ ਆਪਣੇ ਅੰਦਰ ਬਾਲ ਲਿਆ
ਦੀਵਾਲੀ ਮੁਬਾਰਕ ਸਭਨਾ ਨੂੰ, ਜਿਨ੍ਹਾਂ ਖੁਦ ਨੂੰ ਪਹਿਚਾਣ ਲਿਆ
ਮੀਨੂ ਸ਼ਰਮਾ-
मेरे शब्द अक्सर
टूट कर बिखर जाते हैं
कभी खामोश हो जाते हैं
कभी यूं ही गुनगुनाते हैं
हसाते हैं, कभी रुलाते हैं
कभी रूह को स्कूँ दे जाते हैं
हर कशमकश में मेरे शब्द
बस यही समझाते हैं
कि इन्हें लिखूं तो कविता है
ना लिखूं तो महज़ विचार मेरे मन का है!!-