ਮੇਰੇ ਪਿੰਡ ਵਿੱਚ ਉਹਦੇ ਸ਼ਹਿਰ ਦੇ ਚਰਚੇ
ਮੈਂ ਲੋਕਾਂ ਕੋਲੋਂ ਕਈ ਵਾਰ ਸੁਣੇ ਨੇ...
ਮਨ ਦੀਆਂ ਤੈਹਾਂ ਫਰੋਲ ਫਰੋਲ ਕੇ
ਨੀਲੇ ਨੈਣ ਬਲੌਰੀ ਮੈਂ ਕਾਰੀ ਵਾਰ ਭਰੇ ਨੇ..
ਰੂਹ ਦੀ ਖਿੜਕੀ ਜਿੰਨੀ ਵਾਰ ਮੈਂ ਖੋਲ੍ਹੀ
ਜਾਪੇ ਮੇਰੇ ਸਾਹ ਮੇਰੇ ਨਾਲ ਹੀ ਲੜੇ ਨੇ...
-
ਕਲਮ ਵੀ ਤੂੰ
ਨਕਸ਼ ਵੀ ਤੂੰ...!
ਇਹ ਸ਼ਿੰਗਾਰ ਇਹ ਗਹਿਣੇ
ਕੰਮ ਨਾ ਮੇਰੇ
ਇੱਕ ਤੂੰ ਬਣਿਆ
ਮੇਰੀ ਰੂਹ ਦਾ ਗਹਿਣਾ
ਸਾਂਭ ਕੇ ਰੱਖਾਂ
ਮੈਂ ਜਨਮਾਂ ਤਾਈਂ...!-
ਧੁਰ ਤੋਂ ਲਿਖੇ ਸੰਜੋਗ ਜੇ ਹੁੰਦੇ
ਫ਼ਿਰ ਜਾਤ ਦੇ ਰੌਲੇ ਕਿਉੰ ਪੈਂਦੇ,
ਜੇ ਰੱਬ ਬਣਾਉਂਦਾ ਆਪ ਜੋੜੀਆਂ
ਫਿਰ ਧਰਮਾਂ ਦੇ ਰੌਲੇ ਕਿਉੰ ਪੈਂਦੇ...!
-
ਪਲਕਾਂ ਹੇਠਾਂ ਤੇਰੇ ਸੁਫ਼ਨੇ
ਜਾਗੋ ਮੀਟੀ ਤੇਰੇ ਸੁਫ਼ਨੇ
ਸੁੱਤੇ ਸਿੱਧ ਤੇਰੇ ਸੁਫ਼ਨੇ
ਨੈਣ ਸਮੁੰਦ ਤੇਰੇ ਹੀ ਸੁਫ਼ਨੇ ...-
ਸੁਲਗਦੀ ਖਾਮੋਸ਼ੀ ਮੇਰੀ ਬਾਲੂ ਰੇਤ ਵਾਂਗੂ,
ਰੂਹ ਤਰਸੇ ਤੈਨੂੰ ਸੁਆਂਤੀ ਬੂੰਦ ਵਾਂਗੂੰ।
ਅਵਾਮ ਠਰੇ ਪੂਰੀ ਵਗਣ ਸ਼ੀਤ ਲਹਿਰਾਂ,
ਪਰ ਮੇਰਾ ਮਨ ਤਪੇ ਜੇਠ ਤੇ ਹਾੜ ਵਾਂਗੂੰ।
ਤੇਰਾ ਹਿਜ਼ਰ ਜਾਪੇ ਮੈਨੂੰ ਕਹਿਰ ਕੋਈ,
ਰੋਜ਼ ਤਿੜਕਦੀ ਮੈਂ ਕਿਸੇ ਤਰੇੜ ਵਾਂਗੂੰ।
ਸਾਹ ਚੱਲਦੇ ਮੇਰੇ ਮੈਨੂੰ ਸ਼ੋਰ ਜਾਪਣ,
ਜਿੰਦ ਲੱਗੇ ਹੁਣ ਮੈਨੂੰ ਇਲਜ਼ਾਮ ਵਾਂਗੂੰ।
ਕੋਈ ਆਣ ਮਿਲਾਵੇ ਚਿਰੀਂ ਵਿਛੜਿਆਂ ਨੂੰ,
ਉਮਰ ਲੰਘ ਈ ਨਾ ਜਾਵੇ ਬਣਵਾਸ ਵਾਂਗੂੰ।
-
ਕੋਈ
ਬਾਪ ਜਿਹਾ ਕੋਈ ਦਾਨੀ ਨਹੀਂ,
ਗੁਰੂ ਗੋਬਿੰਦ ਸਿੰਘ ਜਿਹਾ ਕੋਈ ਫ਼ਾਨੀ ਨਹੀਂ।
ਵਿੱਦਿਆ ਜਿਹੀ ਕੋਈ ਜੋਤ ਨਹੀਂ,
ਕੌਰ ਜਿਹਾ ਕੋਈ ਗੋਤ ਨਹੀਂ।
ਬਸੰਤ ਜਿਹੀ ਕੋਈ ਰੁੱਤ ਨਹੀਂ,
ਬਚਪਨ ਜਿਹੀ ਮੌਜ ਬਹਾਰ ਨਹੀਂ।
ਇਸ਼ਕ ਦੀ ਕੋਈ ਜਾਤ ਨਹੀਂ,
ਰੂਹਾਂ ਜਿਹਾ ਕੋਈ ਸਾਕ ਨਹੀਂ।
ਪਿਓ ਜਿਹਾ ਕੋਈ ਬੋਹੜ ਨਹੀਂ,
ਮਾਂ ਜਿਹੀ ਕੋਈ ਛਾਂ ਨਹੀਂ।
ਵੀਰ ਭੈਣ ਜਿਹਾ ਕੋਈ ਸਾਕ ਨਹੀਂ,
ਆਪਣੇ ਘਰ ਜਿਹਾ ਕੋਈ ਠਾਠ ਨਹੀਂ।
ਮਾਣਕ ਜਿਹੀਆਂ ਕਲੀਆਂ ਨਹੀਂ,
ਸਖੀਆਂ ਜਿਹੀਆਂ ਰਲੀਆਂ ਨਹੀਂ।
ਲੰਗਰ ਜਿਹਾ ਕੋਈ ਭੋਜ ਨਹੀਂ,
ਬਚਪਨ ਜਿਹੀ ਕਿਤੇ ਕੋਈ ਮੌਜ ਨਹੀਂ।
ਕਰਮਬੀਰ ਕੌਰ
-
ਵਸਦੇ ਰਸਦੇ ਘਰਾਂ ਨੂੰ
ਇੱਕ ਮਰੀ ਹੋਈ ਜ਼ਮੀਰ ਨੇ
ਪਲਾਂ ਵਿੱਚ ਜ਼ਮੀਨ ਦੀ ਖਾਤਿਰ
ਬੀਆਬਾਨ ਬਣਾ ਦਿੱਤਾ
ਇੱਕ ਜ਼ਮੀਨ ਦੇ ਟੁਕੜੇ ਦੀ ਖਾਤਿਰ..!
ਬੁਢਾਪੇ ਵਿੱਚ ਉਹ ਫ਼ਿਰ ਆਸਰਾ
ਲੱਭ ਰਿਹਾ ਪੋਤੇ ਦੀ ਉਂਗਲੀ ਫੜ
ਉਹ ਫ਼ਿਰ ਉੱਜੜਦਾ ਬਾਗ਼ ਦੇਖ਼ ਰਿਹਾ
ਪਰ ਖੜੋਤਾ ਏ
ਉਹ ਇੱਕ ਉਮੀਦ ਦੀ ਖਾਤਿਰ..!
ਸ਼ਾਮੀਂ ਮੁੜਦਾ ਸੀ
ਉਹ ਖੇਡ ਕੇ ਮਾਂ ਦੇ ਕੋਲ
ਘਰ ਮਹਿਲ ਹੀ ਲਗਦਾ ਸੀ
ਅੱਜ ਠੰਢ ਚ ਵਿਲਕਦਾ ਏ
ਨਿੱਕੀ ਜਿਹੀ ਛੱਤ ਦੀ ਖਾਤਿਰ..!
ਕਰਮਬੀਰ ਕੌਰ
-
ਕਿਸਮਤ... ਮੁਕੱਦਰ...
ਜਾਂ ਭਾਵੇਂ ਕਰਮਾਂ ਵਿੱਚ
ਤੂੰ ਹੈ ਜਾਂ ਨਹੀਂ
ਇਸ ਪਲ਼... ਇਸ ਜਾਮੇ..
ਜਾਂ ਭਾਵੇਂ ਅਗਲੇ ਜਨਮਾਂ ਵਿੱਚ
ਤੂੰ ਹੈ ਜਾਂ ਨਹੀਂ
ਪਰ ਰੱਬ ਗਵਾਹ ਏ
ਕਿ ਮੇਰੀ ਰੂਹ
ਤੇਰੇ ਨਾਲ ਵਿਆਹੀ ਗਈ ਏ....!-